“ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ॥” ਖ਼ਾਲਸਾ ਨਿਆਰਾ ਹੈ ਅਤੇ ਉਹਨਾਂ ਦਾ ਪੰਥ ਹੈ, ਜੋ ਪਰਮੇਸ਼ਰ ਦੇ ਹੁਕਮ ਨਾਲ ਜੁੜੇ ਹੋਏ ਹਨ ਅਤੇ ਪ੍ਰੇਮ ਭਗਤਿ ਜਾਣਦੇ ਹੋਣ

ਖ਼ਾਲਸਾ ਸ਼ਬਦ ਦਾ ਭਾਵ ਹੈ, ਜੋ ਆਦਮੀ ਪਰਮੇਸ਼ਰ ਦੇ ਸਿੱਧਾ ਸੰਪਰਕ ਵਿੱਚ ਹੋਵੇ, ਜਾਂ ਇਸ ਤਰ੍ਹਾਂ ਕਹਿ ਲਵੋ, ਕਿ ਪਰਮੇਸ਼ਰ, ਜੋ ਹਾਕਮ ਹੈ, ਦੇ ਹੁਕਮ ਨਾਲ ਸਿੱਧਾ ਜੁੜਿਆ ਹੋਵੇ।

ਜਿਨ੍ਹਾਂ ਗੁਰ ਸਾਹਿਬਾਨਾਂ ਅਤੇ ਭਗਤਾਂ ਦੀ ਗੁਰਬਾਣੀ ਸ੍ਰੀ ਆਦਿ ਗ੍ਰੰਥ ਵਿੱਚ ਦਰਜ਼ ਹੈ, ਉਹ ਸਾਰੇ ਦੇ ਸਾਰੇ ਸਿੱਧੇ ਪਰਮੇਸ਼ਰ ਦੇ ਹੁਕਮ ਨਾਲ ਜੁੜੇ ਹੋਏ ਹੋਣ ਕਰਕੇ ਖ਼ਾਲਸਾ ਕਹਾਉਣ ਦੇ ਹੱਕ਼ਦਾਰ ਸਨ।

ਭਗਤ ਕਬੀਰ ਜੀ ਦਾ ਫੁਰਮਾਨ ਹੈ:

ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ॥੪॥੩॥
ਆਦਿ ਗ੍ਰੰਥ, ੬੫੫

ਜੇ ਕਿਸੇ ਨੇ ਗੁਰਬਾਣੀ ਨਾ ਵੀ ਉਚਾਰਨ ਕੀਤੀ ਹੋਵੇ, ਪਰ ਗੁਰਮਤਿ (ਗੁਰਬਾਣੀ ਵਿਚਲੀ ਪ੍ਰੇਮਾ ਭਗਤਿ) ਦੀ ਪੂਰੀ ਸਮਝ ਰੱਖਦਾ ਹੋਵੇ, ਅਤੇ ਬੁੱਝ ਲਈ ਹੋਵੇ, ਉਸਨੂੰ ਵੀ ਖਾਲਸਾ ਮੰਨਿਆ ਜਾ ਸਕਦਾ ਹੈ। ਪਰ ਇਸ ਤੋਂ ਘੱਟ ਅਵਸਥਾ ਵਾਲਾ ਆਦਮੀ, ਜੇ ਆਪਣੇ ਆਪ ਨੂੰ ਖਾਲਸਾ ਕਹਾਉਂਦਾ ਹੈ, ਉਹ ਬਹੁਤ ਵੱਡੇ ਭੁਲੇਖੇ ਵਿੱਚ ਹੈ। ਅਸਲ ਵਿੱਚ ਉਹ ਗੁਰੂ ਘਰ ਦਾ ਵਿਰੋਧੀ ਹੈ।

ਜਿਨ੍ਹਾਂ ਲੋਕਾਂ ਨੇ ਝਮੇਲਾ ਖੜ੍ਹਾ ਕੀਤਾ ਹੈ, ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਗੁਰਸਿੱਖਾਂ ਵਿੱਚੋਂ ਪਹਿਲਾਂ ਖਾਲਸੇ ਦੀ ਭਾਲ ਕਰ ਲੈਣ, ਅਤੇ ਉਸ ਜਾਂ ਉਨ੍ਹਾਂ ਦੀ ਰਹਿਨੁਮਾਈ ਵਿੱਚ ਅੱਗੇ ਵਧਣ। ਕਿਉਂਕਿ ਸਿੱਖੀ ਦਾ ਮਸਲਾ ਸੂਖਮ ਮਸਲਾ ਹੈ। ਧਰਮ ਦਾ ਮਸਲਾ ਅਸਲ ਵਿੱਚ ਹੁੰਦਾ ਹੀ ਅਤਿ ਸੂਖਮ ਹੈ।

ਅਜੋਕੇ ਸਿੱਖਾਂ ਕੋਲ ਗੁਰਮਤਿ ਦੀ ਸੋਝੀ ਨਹੀਂ ਹੈ। ਇਸ ਲਈ ਕਿਸੇ ਜਗ੍ਹਾ ਵੀ ਗੁਰਮਤਿ ਵਿਚਾਰਧਾਰਾ ਦੀ ਅਸਲੀ ਗੱਲ ਕੀਤੀ ਹੀ ਨਹੀਂ ਜਾ ਰਹੀ ਹੈ, ਜਦਕਿ ਖ਼ਾਲਸੇ ਦੇ ਮੁੱਖ ਚੋਂ ਗੁਰਮਤਿ ਤੋਂ ਇਲਾਵਾ ਹੋਰ ਕੁਝ ਨਿੱਕਲ ਹੀ ਨਹੀਂ ਸਕਦਾ।

ਗੁਰਬਾਣੀ ਆਖਦੀ ਹੈ:

ਹਮਰਾ ਝਗਰਾ ਰਹਾ ਨ ਕੋਊ ॥
ਪੰਡਿਤ ਮੁਲਾਂ ਛਾਡੇ ਦੋਊ ॥੧॥ ਰਹਾਉ ॥
ਆਦਿ ਗ੍ਰੰਥ, ੧੧੫੯

ਪੰਡਿਤ ਅਤੇ ਮੁੱਲਾਂ ਦੋਨੋ ਵਿਦਵਾਨ ਤਾਂ ਹਨ, ਪਰ ਬੁੱਧਵਾਨ ਨਹੀਂ ਹਨ। ਕਿਉਂਕਿ ਬੁੱਧਵਾਨ ਹਰ ਮਸਲੇ ਨੂੰ ਵਿਚਾਰ ਵਟਾਂਦਰੇ ਰਾਹੀਂ ਪਹਿਲਾਂ ਹੀ ਸੁਲਝਾ ਲੈਂਦੇ ਹਨ। ਜਦਕਿ ਵਿਦਵਾਨ, ਅਗਿਆਨਤਾ ਕਾਰਨ ਜਾਂ ਜਾਣ-ਬੁੱਝ ਕੇ, ਮਸਲੇ ਅਤੇ ਝਗੜੇ ਖੜ੍ਹੇ ਕਰਕੇ ਉਨ੍ਹਾਂ ਝਗੜਿਆਂ ਨੂੰ ਸੱਤਾ ਪ੍ਰਾਪਤੀ ਦੇ ਹਥਿਆਰ ਵਜੋਂ ਵਰਤਨ ਲਈ ਉਨ੍ਹਾਂ ਦਾ ਹੱਲ ਨਹੀਂ ਕੱਢਦੇ। ਵਿਦਵਾਨ ਲੋਕ ਸੰਸਾਰੀ ਆਦਮੀਆਂ ਦੇ ਰਹਿਬਰ ਅਤੇ ਆਗੂ‌ ਹੁੰਦੇ ਹਨ, ਜਿਹੜੇ ਕਿ ਸੰਸਾਰੀ ਸੁੱਖ-ਸੁਵਿਧਾਵਾਂ ਦੇ ਲਾਲਚ ਵਿੱਚ ਉਲਝਾਈ ਰੱਖ ਕੇ ਆਮ ਜਨਤਾ ਦਾ ਸ਼ੋਸ਼ਣ ਕਰਦੇ ਰਹੇ ਹਨ।

ਇਸ ਲਈ ਗੁਰਬਾਣੀ ਦਾ ਫੁਰਮਾਨ ਹੈ:

ਭਗਤਾ ਤੈ ਸੈਸਾਰੀਆ ਜੋੜੁ ਕਦੇ ਨ ਆਇਆ॥
ਆਦਿ ਗ੍ਰੰਥ, ੧੪੫

ਭਾਵ ਭਗਤਾਂ ਦਾ ਜੀਵਨ ਅਤੇ ਉਹਨਾਂ ਦੀ ਵਿਚਾਰਧਾਰਾ ਸੰਸਾਰੀ (ਸਾਕਤ) ਵਿਚਾਰਧਾਰਾ ਤੋਂ ਉਲਟ ਰਹੀ ਹੈ ਅਤੇ ਰਹੇਗੀ।

ਉਲਟੀ ਰੇ ਮਨ ਉਲਟੀ ਰੇ ॥
ਸਾਕਤ ਸਿਉ ਕਰਿ ਉਲਟੀ ਰੇ ॥
ਝੂਠੈ ਕੀ ਰੇ ਝੂਠੁ ਪਰੀਤਿ
ਛੁਟਕੀ ਰੇ ਮਨ ਛੁਟਕੀ ਰੇ
ਸਾਕਤ ਸੰਗਿ ਨ ਛੁਟਕੀ ਰੇ ॥੧॥ ਰਹਾਉ ॥
ਆਦਿ ਗ੍ਰੰਥ, ੫੩੫

ਜੋ ਗੁਰਮਤਿ ਦੇ ਇਸ ਸਾਕਤ ਵਿਰੋਧੀ ਨਿਆਰੇਪਣ ਨੂੰ ਸਮਝਦਾ ਹੈ, ਓਹੀ ਅਸਲੀ ਗੁਰਸਿੱਖ ਹੈ, ਓਹੀ ਅਸਲੀ ਖ਼ਾਲਸਾ ਹੈ। ਇਨ੍ਹਾਂ ਗੁਰਸਿੱਖਾਂ ਵਿੱਚੋਂ ਹੀ ਤਾਂ ੧੬੯੯ ਦੀ ਵਿਸਾਖੀ ਸਮੇਂ ਪੰਜ ਪਿਆਰਿਆਂ ਦੇ ਰੂਪ ਵਿੱਚ ਖ਼ਾਲਸਾ ਪ੍ਰਗਟ ਹੋਇਆ ਸੀ। ਅਜੇਹੇ ਖ਼ਾਲਸੇ ਦੇ ਪ੍ਰਤੀ ਹੀ ਦਸਮ ਪਾਤਸ਼ਾਹ ਗੁਰ ਗੋਬਿੰਦ ਸਿੰਘ ਨੇ ਉਚਾਰਨ ਕੀਤਾ ਹੈ:

ਜਬ ਲਗ ਖਾਲਸਾ ਰਹੇ ਨਿਆਰਾ
ਤਬ ਲਗ ਤੇਜ ਦਿਉਂ ਮੈਂ ਸਾਰਾ।।
ਜਬ ਯੇਹ ਗਹੇਂ ਬਿਪਰਨ ਕੀ ਰੀਤ
ਮੈਂ ਨਾ ਕਰੂੰ ਇਨ ਕੀ ਪਰਤੀਤ।।

ਅੱਜ ਜੋ ਝਗੜੇ ਚੱਲ ਰਹੇ ਹਨ, ਇਹ ਸਿੱਖ ਗੁਰਦਵਾਰਾ ਐਕਟ ਦੇ ਤਹਿਤ ਵਜੂਦ ਵਿੱਚ ਆਈ ਸ਼ਿਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ (SGPC) ਨਾਲ ਸੰਬੰਧਤ ਹਨ। ਗੁਰਦਵਾਰਾ ਐਕਟ ਵਿੱਚ ਖ਼ਾਲਸਾ ਸ਼ਬਦ ਦਾ ਕੋਈ ਜ਼ਿਕਰ ਨਹੀਂ, ਕਿਉਂਕਿ ਖ਼ਾਲਸਾ ਪੰਥ ਗੁਰਦਵਾਰਾ ਐਕਟ ਤੋਂ ਆਜ਼ਾਦ ਹੈ। ਖਾਲਸੇ ਦਾ ਤਖ਼ਤ (ਚਲਦਾ ਵਹੀਰ) ਚਾਰਾਂ ਤਖਤਾਂ ਤੋਂ ਵੱਖਰਾ ਹੈ।

ਅੱਜ ਸਿੱਖਾਂ ਦੇ ਵਿੱਚ ਬਹੁਤ ਸਾਰੇ ਧੜੇ ਇਸ ਲਈ ਪੈਦਾ ਹੋ ਗਏ ਹਨ, ਕਿਉਂਕਿ ਸਿੱਖਾਂ ਨੇ ਗੁਰਮਤਿ ਦਾ ਰਾਹ ਛੱਡ ਕੇ ਬਿਪਰ ਵਾਲਾ ਰਾਹ ਫੜ੍ਹ ਲਿਆ ਹੈ। ਗੁਰੂ ਘਰ ਦੀ ਮਾਇਆ ਉੱਤੇ ਕਬਜ਼ਾ ਕਰਨ ਦੇ ਸਾਰੇ ਚਾਹਵਾਨ ਨੇ, ਜਦਕਿ ਖ਼ਾਲਸੇ ਦਾ ਚੜ੍ਹਾਵੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਅਸਲੀ ਖ਼ਾਲਸੇ ਦਾ ਕੰਮ ਤਾਂ ਇਮਾਨਦਾਰੀ ਨਾਲ ਗੁਰਮਤਿ ਦੀ ਖੋਜ ਕਰਕੇ ਦੁਨੀਆਂ ਨੂੰ ਗੁਰਮਤਿ ਦੀ ਸੋਝੀ ਦੇਣੀ ਹੈ।

ਇਸ ਲਈ ਸੰਗਤ ਨੂੰ ਬੇਨਤੀ ਹੈ, ਕਿ ਉਹ ਇਹ ਗੱਲ ਸਮਝਣ, ਕਿ ਸਿੱਖ ਆਪਣੀ ਚੌਧਰ ਦੀ ਲੜਾਈ ਜਿਵੇਂ ਮਰਜ਼ੀ ਲੜਨ, ਪਰ ਉਸ ਨਾਲ ਖ਼ਾਲਸੇ ਦਾ ਕੋਈ ਲੈਣਾ ਦੇਣਾ ਨਹੀਂ ਹੈ। ਖ਼ਾਲਸੇ ਨੂੰ ਇਸ ਲੜਾਈ ਵਿੱਚ ਖਾ-ਮਖਾ ਸ਼ਾਮਿਲ ਕਰਨ ਦੀ ਕੋਸ਼ਿਸ਼ ਨਾ ਕਰਨ।

ਖ਼ਾਲਸਾ ਨਿਆਰਾ ਪੰਥ ਹੈ। ਖ਼ਾਲਸਾ ਮਾਇਆ ਤੋਂ ਉੱਪਰ ਹੈ। ਖ਼ਾਲਸੇ ਦੀ ਵਿਚਾਰਧਾਰਾ ਸੰਸਾਰੀ ਲੋਕਾਂ ਤੋਂ ਉੱਪਰ ਹੈ। ਪਰਲੋਕ ਦੀ ਪਰਾਪਤੀ, ਸਚ ਖੰਡ ਦੀ ਅਵਸਥਾ, ਹੀ ਖ਼ਾਲਸੇ ਦਾ ਨਿਸ਼ਾਨਾ ਹੈ।

ਧਰਮ ਸਿੰਘ ਨਿਹੰਗ ਸਿੰਘ
੧੦-੧੧-੨੦੧੫

Categories ਖਬਰਾਂ, Gurmat VicharTags , ,

1 thought on ““ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ॥” ਖ਼ਾਲਸਾ ਨਿਆਰਾ ਹੈ ਅਤੇ ਉਹਨਾਂ ਦਾ ਪੰਥ ਹੈ, ਜੋ ਪਰਮੇਸ਼ਰ ਦੇ ਹੁਕਮ ਨਾਲ ਜੁੜੇ ਹੋਏ ਹਨ ਅਤੇ ਪ੍ਰੇਮ ਭਗਤਿ ਜਾਣਦੇ ਹੋਣ

  1. Thanks

Leave a Reply

Please log in using one of these methods to post your comment:

WordPress.com Logo

You are commenting using your WordPress.com account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s

This site uses Akismet to reduce spam. Learn how your comment data is processed.

%d bloggers like this:
search previous next tag category expand menu location phone mail time cart zoom edit close