ਸ਼ੁਰੂਆਤ ਵਿੱਚ ਗੱਲਾਂ ਕੌੜੀਆਂ ਲੱਗੀਆਂ, ਇਸ ਤਰ੍ਹਾਂ ਪ੍ਰਤੀਤ ਹੁੰਦਾ ਸੀ ਕਿ ਧਰਮ ਸਿੰਘ ਨਿਹੰਗ ਸਿੰਘ ਇਕੱਲਾ ਹੀ ਠੀਕ ਆ ਤੇ ਬਾਕੀ ਸਾਰੇ ਪ੍ਰਚਾਰਕ ਗਲਤ ਹਨ ? ਪਰ ਜਿਉਂ-ਜਿਉਂ ਗੁਰਬਾਣੀ ਦੀ ਕਥਾ ਸੁਣਦੇ ਗਏ, ਸਵਾਲਾਂ ਦੇ ਜਵਾਬ ਮਿਲਣ ਲੱਗੇ

ਵਾਹਿ ਗੁਰੂ ਜੀ ਕਾ ਖਾਲਸਾ ।। ਵਾਹਿ ਗਰੂ ਜੀ ਕੀ ਫਤਹਿ ।।

ਸਾਡੇ ਪਰਿਵਾਰ ਵਿੱਚੋਂ ਮੇਰੀ ਮਾਤਾ ਜੀ ਦੀ ਗੁਰਬਾਣੀ ਨਾਲ ਲਗਨ ਹੋਣ ਕਾਰਨ, ਮੈਂ ਛੋਟੇ ਹੁੰਦੇ ਤੋਂ ਹੀ ਗੁਰਬਾਣੀ ਦਾ ਪੱਕਾ ਨਿੱਤਨੇਮੀ ਬਣ ਗਿਆ ਅਤੇ ਜਿਆਦਾ ਜੋਰ ਪਾਠ ਦੀ ਸੁਧਾਈ ਵੱਲ ਸੀ । ਰੋਜਾਨਾ ਪਾਠ ਪੜ੍ਹਨ ਕਰਕੇ ਬਹੁਤ ਸਾਰੀ ਗੁਰਬਾਣੀ ਕੰਠ ਹੋ ਗਈ । ਸਕੂਲ ਦਾ ਸਿੱਖ ਮਿਸ਼ਨਰੀ ਕਾਲਜ ਨਾਲ ਸਬੰਧ ਹੋਣ ਕਾਰਨ, ਸਕੂਲ ਵਿੱਚ ਹੋਰ ਵਿਸ਼ਿਆਂ ਦੇ ਨਾਲ-ਨਾਲ ਗੁਰਬਾਣੀ ਵੀ ਪੜ੍ਹਾਈ ਜਾਂਦੀ ਸੀ ਅਤੇ ਮਿਸ਼ਨਰੀ ਕਾਲਜ ਵਾਲਿਆਂ ਵੱਲੋਂ ਮੁਕਾਬਲੇ ਵੀ ਕਰਵਾਏ ਜਾਂਦੇ ਸਨ । ਪਰ ਉਹਨਾਂ ਵੱਲੋਂ ਇਹ ਹਦਾਇਤ ਸੀ, ਕਿ ਮੁਕਾਬਲਿਆਂ ਵਿੱਚ ਉਹ ਹੀ ਹਿੱਸਾ ਲੈ ਸਕਦਾ ਹੈ ਜਿਸ ਨੇ ਅੰਮ੍ਰਿਤ ਛਕਿਆ ਹੋਵੇ । ਮੇਰੇ ਹੋਰ ਵਿਦਿਆਰਥੀਆਂ ਨਾਲੋਂ ਗੁਰਬਾਣੀ ਜਿਆਦਾ ਕੰਠ ਹੋਣ ਕਾਰਨ, ਸਾਡੇ ਗੁਰਬਾਣੀ ਦੇ ਅਧਿਆਪਕ ਨੇ ਸਕੂਲ ਨੇੜਲੇ ਗੁਰਦਵਾਰਾ ਦੀ ਇੱਕ ਦੁਕਾਨ ਵਿੱਚੋਂ ਕਕਾਰ ਖਰੀਦ ਕੇ ਪਵਾ ਦਿੱਤੇ ਅਤੇ ਮੈਨੂੰ ਕਿਹਾ ਕਿ ਹੁਣ ਤੂੰ ਅੰਮ੍ਰਿਤ ਛਕ ਲਿਆ ਹੈ । ਫਿਰ ਮੈਂ ਸਕੂਲ ਵੱਲੋਂ ਬਹੁਤ ਸਾਰੇ ‘ਗੁਰਬਾਣੀ ਕੰਠ ਅਤੇ ਕਵਿਸ਼ਰੀ’ ਮੁਕਾਬਲਿਆਂ ਵਿੱਚ ਹਿੱਸਾ ਲਿਆ ਅਤੇ ਸਿੱਖ ਮਿਸ਼ਨਰੀ ਕਾਲਜ ਤੋਂ ਬਹੁਤ ਸਾਰੇ ਇਨਾਮ ਹਾਸਲ ਕੀਤੇ ।

ਦਸਵੀਂ ਦੀ ਪੜ੍ਹਾਈ ਤੋਂ ਬਾਅਦ ਥੋੜਾ ਸਮਾਂ ਅਖੰਡ ਪਾਠਾਂ ਵਿੱਚ ਜਪੁਜੀ ਸਾਹਿਬ ਦੀਆਂ ਰੌਲਾਂ ਵੀ ਲਗਾਈਆਂ ਅਤੇ ਤਕਰੀਬਨ ਤਿੰਨ ਸਾਲ ਤਬਲਾ ਸਿੱਖਿਆ ਅਤੇ ਗੁਰਦੁਵਾਰੇ ਵਿੱਚ ਆਸਾ ਦੀ ਵਾਰ ਦਾ ਕੀਰਤਨ ਵੀ ਕਰਦੇ ਰਹੇ । ਇੱਕ ਦਿਨ ਅਸੀਂ ਤਬਲੇ ਦਾ ਅਭਿਆਸ ਕਰ ਰਹੇ ਸੀ ਜਦ ਮੇਰੇ ਦੋਸਤ ਦਾ ਇਕ ਰਿਸ਼ਤੇਦਾਰ ਸਾਡੇ ਕੋਲ ਆਇਆ ਅਤੇ ਕਹਿਣ ਲੱਗਾ ਕਿ ਆਪਾਂ ਸਾਰੇ ਰਹਿਰਾਸ ਵਿੱਚ ਆਉਣ ਵਾਲੇ ਸ਼ਬਦ

“ਆਸਾ ਮਹਲਾ ੧ ॥ ਸੁਣਿ ਵਡਾ ਆਖੈ ਸਭੁ ਕੋਇ ॥”

ਵਿੱਚ ਹਰ ਰੋਜ਼ ਇੱਕ ਗਲਤੀ ਕਰ ਰਹੇ ਹਾਂ ਅਤੇ ਇੱਕ ਵੀਡੀਓ ਕਲਿੱਪ ਸੁਣਾਉਣ ਲੱਗਾ, ਜਿਸ ਵਿੱਚ ਇੱਕ ਬਜੁਰਗ ਨਿਹੰਗ ਸਿੰਘ ਰਹਿਰਾਸ ਸਾਹਿਬ ਦੇ ਉਸ ਸ਼ਬਦ ਦੀ ਕਥਾ ਕਰ ਰਿਹਾ ਸੀ ।

ਬਜੁਰਗ ਨਿਹੰਗ ਸਿੰਘ, ਜਿਹਨਾਂ ਦਾ ਪੂਰਾ ਨਾਮ ਧਰਮ ਸਿੰਘ ਨਿਹੰਗ ਸਿੰਘ ਹੈ, ਨੇ ਕਿਹਾ ਕਿ ਸਾਰੇ ਥਾਂਈ ਪਾਠ ਗਲਤ ਹੋ ਰਿਹਾ ਹੈ, ਸ਼ੁੱਧ ਪਾਠ ਇਹ ਹੈ:

“ਸਭਿ ਸੁਰਤੀ ਮਿਲਿ ਸੁਰਤਿ ਕਮਾਈ ॥ ਸਭ ਕੀ ਮਤਿ ਮਿਲਿ ਕੀਮਤਿ ਪਾਈ ॥”

ਪਰ ਸਾਰੇ ਹੀ ਪਾਠ

“ਸਭਿ ਸੁਰਤੀ ਮਿਲਿ ਸੁਰਤਿ ਕਮਾਈ ॥ ਸਭ ਕੀਮਤਿ ਮਿਲਿ ਕੀਮਤਿ ਪਾਈ ॥”

ਪੜ੍ਹੀ ਜਾਂਦੇ ਹਨ । ਫਿਰ ਧਰਮ ਸਿੰਘ ਨਿਹੰਗ ਸਿੰਘ ਨੇ ਦਲੀਲ ਦਿੱਤੀ ਕਿ ਕੀਮਤ ਨਾਲ ਕੀਮਤ ਨਹੀਂ ਪਾਈ ਜਾ ਸਕਦੀ, ਕੀਮਤ ਜੜ੍ਹ ਹੈ (matter) ਜਦਕਿ ਕੀਮਤ ਪਾਉਣ ਵਾਲਾ ਚੇਤਨ (consciousness) ਹੁੰਦਾ ਹੈ । ਇਸ ਕਰਕੇ ਪਾਠ

“ਸਭ ਕੀਮਤਿ ਮਿਲਿ ਕੀਮਤਿ ਪਾਈ ॥”

ਨਹੀਂ, ਬਲਕਿ “ਸਭ ਕੀ ਮਤਿ ਮਿਲਿ ਕੀਮਤਿ ਪਾਈ ॥”

ਹੈ ਅਤੇ ਅਗਲੀਆਂ ਪੰਗਤੀਆਂ ਵਿੱਚ ਕੀਮਤ ਪਉਣ ਵਾਲਿਆਂ ਦਾ ਵੇਰਵਾ ਹੈ।

“ਸਭਿ ਸੁਰਤੀ ਮਿਲਿ ਸੁਰਤਿ ਕਮਾਈ ॥ ਸਭ ਕੀ ਮਤਿ ਮਿਲਿ ਕੀਮਤਿ ਪਾਈ ॥ ਗਿਆਨੀ ਧਿਆਨੀ ਗੁਰ ਗੁਰਹਾਈ ॥ ਕਹਣੁ ਨ ਜਾਈ ਤੇਰੀ ਤਿਲੁ ਵਡਿਆਈ ॥ (ਆਦਿ ਗ੍ਰੰਥ, ਮ. ੧, ਪੰਨਾ ੯)”

ਪਹਿਲਾਂ ਤਾਂ ਸਾਨੂੰ ਧਰਮ ਸਿੰਘ ਨਿਹੰਗ ਸਿੰਘ ਦੀ ਕਹੀ ਗੱਲ ਸਮਝ ਨਾ ਆਈ, ਕਿਉਂਕਿ ਉਸ ਨਿਹੰਗ ਦੇ ਬੋਲਣ ਦਾ ਤਰੀਕਾ ਸਾਰੇ ਕਥਾਕਾਰਾਂ ਤੋਂ ਭਿੰਨ ਸੀ, ਪਰ ਬਾਅਦ ਵਿੱਚ ਦੋਸਤ ਦੇ ਰਿਸ਼ਤੇਦਾਰ ਵੱਲੋਂ ਸਮਝਾਉਣ ‘ਤੇ ਗੱਲ ਸਮਝ ਵਿੱਚ ਆ ਗਈ ।

ਬਸ ਉਸ ਬਜੁਰਗ ਨਿਹੰਗ ਸਿੰਘ ਦੀ ਇਸ ਗੱਲ ਨੇ ਸਾਡੀ ਪਾਠ ਵਿੱਚ ਹੋ ਰਹੀ ਗਲਤੀ ਦਾ ਅਹਿਸਾਸ ਕਰਵਾ ਦਿੱਤਾ, ਮੈਨੂੰ ਪੰਕਤੀ ਦੇ ਅਰਥਾਂ ਦੀ ਸਮਝ ਆਈ ਅਤੇ ਲੰਮੇ ਸਮੇਂ ਤੋਂ ਹੋ ਰਹੀਆਂ ਹੋਰ ਵੀ ਗਲਤੀਆਂ ਦਾ ਪਤਾ ਲੱਗਾ । “ਕੀਮਤਿ” ਵਾਲੀ ਗਲਤੀ ਅੱਜ ਵੀ ਆਦਿ ਗ੍ਰੰਥ ਦੀਆਂ ਸਾਰੀਆਂ ਪਦਛੇਦ ਬੀੜਾਂ ਦੇ ਪੰਨਾ ੯ ਅਤੇ ਪੰਨਾ ੩੪੯ ਉੱਤੇ ਉਵੇਂ ਹੀ ਮੌਜੂਦ ਹੈ । ਉਸੇ ਸਿੰਘ ਨੇ ਇਹ ਵੀ ਦੱਸਿਆ ਸੀ ਕਿ ਇਹ ਧਰਮ ਸਿੰਘ ਨਿਹੰਗ ਸਿੰਘ ਇੱਕ ਅਕੈਡਮੀ ਵੀ ਚਲਾ ਰਹੇ ਹਨ, ਜਿਸਦਾ ਨਾਮ ਸਚੁ ਖੋਜ ਅਕੈਡਮੀ ਹੈ ।

ਕੁਝ ਸਮੇਂ ਬਾਅਦ ਧਰਮ ਸਿੰਘ ਨਿਹੰਗ ਸਿੰਘ ਜੀ ਨੂੰ ਮਿਲਣ ਦਾ ਮੌਕਾ ਮਿਲਿਆ, ਉੱਥੇ ਜਾ ਕੇ ਉਹਨਾਂ ਦੀ ਅਕੈਡਮੀ ਦਾ ਪਤਾ ਲਗਾ । ਅਸੀਂ ਸਮਝਦੇ ਸੀ ਕਿ ਕੋਈ ਗੁਰਦਵਾਰਾ ਜਾਂ ਕੋਈ ਹੋਰ ਅਕੈਡਮੀਆਂ ਵਾਂਗ ਅਕੈਡਮੀ ਹੋਵੇਗੀ, ਪਰ ਬਾਅਦ ਵਿੱਚ ਪਤਾ ਲੱਗਾ ਕਿ ਜਿਸ ਛੋਟੇ ਜਿਹੇ ਪੁਰਾਣੇ ਕਮਰੇ ਵਿੱਚ, ਜਿੱਥੇ ਕੋਈ ਏਸੀ ਵੀ ਨਹੀਂ ਸੀ, ਅਸੀਂ ਜਲ ਪਾਣੀ ਛਕਿਆ ਅਤੇ ਵਿਚਾਰਾਂ ਕੀਤੀਆਂ ਸੀ, ਉਹ ਹੀ ਅਕੈਡਮੀ ਸੀ । ਇਹਨਾਂ ਕੋਲ ਨੇੜਲੇ ਪਿੰਡਾ ਤੋਂ ਸਿੱਖਿਆਰਥੀ ਗੁਰਬਾਣੀ ਦੀ ਵਿਚਾਰ ਸੁਣਨ ਇੱਥੇ ਆਉਂਦੇ ਹਨ ਅਤੇ ਜੋ ਗੁਰਬਾਣੀ ਦੀ ਹਜਾਰਾਂ ਘੰਟਿਆਂ ਦੀ ਕਥਾ ਇੰਟਰਨੈੱਟ ਉੱਤੇ ਪਈ ਹੈ, ਉਸਦੀ ਰਿਕਾਰਡਿੰਗ ਇੱਥੇ ਹੀ ਹੋਈ ਹੈ । ਸਾਡੇ ਇੱਕ-ਦੋ ਸਵਾਲਾਂ ਦੇ ਜਵਾਬ ਦੇਣ ਤੋਂ ਬਾਅਦ ਬਜੁਰਗ ਧਰਮ ਸਿੰਘ ਨਿਹੰਗ ਸਿੰਘ ਨੇ ਸਾਨੂੰ ਵਿਸ਼ੇਸ ਗੱਲ ਇਹ ਦੱਸੀ, ਕਿ ਗੁਰਬਾਣੀ ਆਪਣਾ ਸ਼ਬਦਕੋਸ਼ ਆਪ ਹੈ, ਇਸਨੂੰ ਸਮਝਣ ਲਈ ਕਿਸੇ ਹੋਰ ਡਿਕਸ਼ਨਰੀ ਜਾਂ ਕੁੰਜੀ ਦੀ ਲੋੜ ਨਹੀਂ ਹੈ ਅਤੇ ਕੁਝ ਕੁ ਪ੍ਰਮਾਣ ਗੁਰਬਾਣੀ ਵਿੱਚੋਂ ਹਵਾਲਾ ਦੇ ਕੇ ਦੱਸੇ ।

ਅੰਦਰ ਬਹੁਤ ਸਾਰੇ ਧਰਮ ਪ੍ਰਤੀ ਸਵਾਲ ਸਨ, ਸਾਡੇ ਵੱਲੋਂ ਪੁੱਛਣ ‘ਤੇ ਉਹਨਾਂ ਨੇ ਇੱਕ-ਇੱਕ ਕਰਕੇ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਅਤੇ ਮੇਰੀ ਅਤੇ ਮੇਰੇ ਸਾਥੀਆਂ ਦੀ ਪੂਰੀ ਤਸੱਲੀ ਕਰਵਾਈ । ਜਾਣ ਮੌਕੇ ਉਹਨਾਂ ਨੇ ਸਾਨੂੰ ਸਾਰਿਆ ਨੂੰ ਇੱਕ-ਇੱਕ ਸੀਡੀ ਦਿੱਤੀ । ਸੀਡੀ ਵਿੱਚ ਉਹਨਾਂ ਵੱਲੋਂ ਕੀਤੀ ਕੁਝ ਬਾਣੀਆਂ ਤੇ ਵਿਚਾਰ ਸੀ । ਉਹਨਾਂ ਨੇ ਸਾਨੂੰ ਸਭ ਤੋਂ ਪਹਿਲਾਂ “ਗਉੜੀ ਬਾਵਨ ਅਖਰੀ ਮ. ੫” ਦੀ ਕਥਾ ਸੁਣਨ ਨੂੰ ਕਿਹਾ ਅਤੇ ਕਿਹਾ ਜੇ ਗੁਰਬਾਣੀ ਪ੍ਰਤੀ ਕੋਈ ਵੀ ਸਵਾਲ ਹੋਵੇ ਤਾਂ ਤੁਸੀਂ ਮੈਨੂੰ ਫੋਨ ਕਰਕੇ ਸ਼ੰਕਾ ਨਿਵਿਰਤ ਕਰ ਸਕਦੇ ਹੋ ।

ਮੈਂ Sach Khoj Academy ਦੁਆਰਾ ਕੀਤੀ ਗੁਰਬਾਣੀ ਦੀ ਵਿਚਾਰ ਨੂੰ ੨੦੧੦ ਦੇ ਆਖੀਰ ਵਿੱਚ ਸੁਣਨਾ ਸ਼ੁਰੂ ਕੀਤਾ । ਸ਼ੁਰੂਆਤ ਵਿੱਚ ਧਰਮ ਸਿੰਘ ਨਿਹੰਗ ਸਿੰਘ ਦੀਆਂ ਗੱਲਾਂ ਬਹੁਤ ਕੌੜੀਆਂ ਲੱਗੀਆਂ । ਕਦੇ-ਕਦੇ ਇੰਝ ਵੀ ਪ੍ਰਤੀਤ ਹੁੰਦਾ ਸੀ ਕਿ ਧਰਮ ਸਿੰਘ ਨਿਹੰਗ ਸਿੰਘ ਇਕੱਲਾ ਹੀ ਠੀਕ ਆ ਅਤੇ ਬਾਕੀ ਸਾਰੇ ਪ੍ਰਚਾਰਕ ਗਲਤ ਹਨ ? ਕਿਉਂਕਿ ਅਕੈਡਮੀ ਤੋਂ ਪਹਿਲਾਂ ਮੈਂ ‘ਸੰਤ’ ਈਸ਼ਰ ਸਿੰਘ, ਸੰਤ ਸਿੰਘ ਮਸਕੀਨ, ਪੰਥਪ੍ਰੀਤ ਸਿੰਘ ਅਤੇ ਇਹਨਾਂ ਵਰਗੇ ਹੋਰ ਬਹੁਤ ਸਾਰੇ ਪ੍ਰੋਫੈਸ਼ਨਲ ਪ੍ਰਚਾਰਕਾਂ ਨੂੰ ਸੁਣਿਆ ਹੋਇਆ ਸੀ ।

ਪਰ ਜਿਉਂ-ਜਿਉਂ ਧਰਮ ਸਿੰਘ ਨਿਹੰਗ ਸਿੰਘ ਜੀ ਵੱਲੋਂ ਕੀਤੀ ਗੁਰਬਾਣੀ ਦੀ ਕਥਾ ਸੁਣਦੇ ਗਏ, ਪਤਾ ਲੱਗਦਾ ਗਿਆ ਕਿ ਸੱਚ ਕੀ ਹੈ, ਅਤੇ ਸੱਚ ਪ੍ਰੋਫੈਸ਼ਨਲ ਪ੍ਰਚਾਰਕਾਂ / ਵਿਦਵਾਨਾਂ ਕੋਲ ਕਿਉਂ ਨਹੀਂ ਹੁੰਦਾ ।

ਅੰਦਰ ਉੱਠਦੇ ਸਵਾਲਾਂ ਦੇ ਜਵਾਬ ਗੁਰਬਾਣੀ ਵਿੱਚੋਂ ਮਿਲਣ ਲੱਗੇ । ਜੋ ਗੁਰਬਾਣੀ ਮੈਂਨੂੰ ਯਾਦ ਸੀ, ਕੁਦਰਤ ਵੱਲੋਂ ਉਹਨਾਂ ਵਿੱਚੋਂ ਬਹੁਤ ਸਾਰੀਆਂ ਬਾਣੀਆਂ ਦੇ ਅਰਥ ਧਰਮ ਸਿੰਘ ਨਿਹੰਗ ਸਿੰਘ ਜੀ ਵੱਲੋਂ ਕੀਤੇ ਹੋਏ ਸਨ, ਜਿਸ ਨਾਲ ਮੈਨੂੰ ਸਮਝਣ ਵਿੱਚ ਸੌਖ ਹੋਈ ਅਤੇ ਜਲਦੀ ਹੀ ਮੈਂ ਗੁਰਮਤਿ ਦੀ ਅਸਲੀ ਵਿਚਾਰਧਾਰਾ ਨਾਲ ਸਹਿਮਤ ਹੋਇਆ।

ਜਿਸਨੂੰ ਮੈਂ ਧਰਮ ਸਮਝਦਾ ਸੀ, ਉਹ ਸਾਰਾ ਕੁਝ ਹੋਰ ਹੀ ਨਿੱਕਲਿਆ । ਮੈਨੂੰ ਮੇਰੇ ਜੀਵਨ ਦੇ ਮਨੋਰਥ ਦਾ ਪਤਾ ਲੱਗਾ ਕਿ ਮੈਂ ਦੁਨੀਆਂ ਵਿੱਚ ਕੀ ਕਰਨ ਆਇਆ ਹਾਂ ? ਧਰਮ ਦੇ ਉਹ ਅਰਥ ਮਿਲੇ, ਜੋ ਮੈਂ ਕਦੇ ਕਿਸੇ ਪ੍ਰਚਾਰਕ ਤੋਂ ਨਹੀਂ ਸੀ ਸੁਣੇ । ਆਮ ਹੀ ਸਾਰੇ ਪ੍ਰਚਾਰਕ ਇਹ ਗੱਲ ਕਹਿੰਦੇ ਹਨ, ਕਿ ਵਿਕਾਰ ਪੰਜ ਹਨ, ਪਰ ਗੁਰਬਾਣੀ ਵਿੱਚੋਂ ਇਹ ਪਹਿਲੀ ਵਾਰ ਗੱਲ ਸੁਣੀ ਕਿ ਵਿਕਾਰ ਪੰਜ ਨਹੀਂ ਛੇ ਹਨ । ਜਿੰਨਾ ਚਿਰ ਛੇਵੇਂ ਵਿਕਾਰ ‘ਭਰਮ’ ਦਾ ਨਾਸ ਨਹੀਂ ਹੁੰਦਾ, ਉਨਾ ਸਮਾਂ ਅਗਿਆਨਤਾ ਵਿੱਚ ਹੰਕਾਰ ਹੋਰ ਮਜਬੂਤ ਕਰੀ ਜਾਂਦੇ ਹਾਂ ।

ਜਿਹੜੇ ਪਹਿਲਾਂ ਕੀਰਤਨ ਵਾਲੇ ਸਾਥੀ ਮੈਨੂੰ ਧਰਮੀ ਸਮਝਦੇ ਸਨ, ਉਹਨਾਂ ਦੇ ਹਿਸਾਬ ਨਾਲ ਹੁਣ ਮੈਂ ਨਾਸਤਿਕ ਹੋ ਗਿਆ ਸੀ ।

ਗੁਰਮਤਿ ਦੀ ਅਕੈਡਮੀ ਕੋਲੋਂ ਵਿਆਖਿਆ ਸੁਣ ਕੇ ਮੈਨੂੰ ਪਤਾ ਲੱਗਾ, ਕਿ ਦੁਨੀਆਂ ਤੇ ਆਪਣਾ ਕੌਣ ਹੈ, ਗੁਰੂ ਕੌਣ ਹੈ, ਸਿੱਖ ਅਤੇ ਗੁਰਸਿੱਖ ਦੀ ਪਰਿਭਾਸ਼ਾ ਕੀ ਹੈ, ਠੀਕ ਅਤੇ ਗਲਤ ਇਤਿਹਾਸ ਕਿਹੜਾ ਹੈ, ਕਿਹੜੇ ਲੋਕ ਦੁਨੀਆਂ ਨੂੰ ਗੁਮਰਾਹ ਕਰ ਰਹੇ ਹਨ, ਦਾਲ (spiritual crack) ਕੀ ਹੈ, ਪ੍ਰਭ, ਪ੍ਰਭੂ, ਗੁਰ, ਸਤਿਗੁਰ, ਸਤਿਗੁਰੂ ‘ਚ ਕੀ ਅੰਤਰ ਹੈ, ਚਾਰ ਪਦਾਰਥ ਅਤੇ ਤਿੰਨ ਲੋਕ ਅਸਲ ਵਿੱਚ ਕਿਹੜੇ ਹਨ, ਖਾਣ-ਪੀਣ, ਨਿਰਗੁਣ-ਸਰਗੁਣ ਕੀ ਹਨ, ਕੀਰਤਨ, ਰਹਿਤ, ਮਰਿਯਾਦਾ, ਪਾਪ-ਪੁੰਨ ਅਤੇ ਹੋਰ ਬਹੁਤ ਵਿਸ਼ਿਅਾਂ ਵਾਰੇ ਕੁਝ ਨਵਾਂ ਸਮਝ ਵਿੱਚ ਆਇਆ ।

ਲੰਮਾ ਸਮਾਂ ਪਾਠ ਕਰਦੇ ਨੂੰ ਜੋ ਸਮਝ ਨਹੀਂ ਆਇਆ ਸੀ, ਦੋ ਕੁ ਸਾਲਾਂ ਦੀ ਕਥਾ ਸੁਣ ਕੇ ਹੀ ਕਾਫੀ ਕੁਝ ਸਮਝ ਆਉਂਣ ਲੱਗ ਪਿਆ । ਪਰ ਛੋਟੀ ਬੁੱਧੀ ਹੋਣ ਕਾਰਨ ਜਲਦ ਹੀ ਉੱਛਲ ਗਏ, ਹਰ ਕਿਸੇ ਨਾਲ ਬਹਿਸ ਕਰਨ ਲੱਗ ਪਏ । ਜਿੱਥੇ ਵੀ ਕਿਸੇ ਕੋਲ ਬੈਠਣਾ, ਉੱਥੇ ਹੀ ਸ਼ੁਰੂ ਹੋ ਜਾਣਾ ਅਤੇ ਆਪਣੇ ਮਤਲਬ ਦੀਆਂ ਸਾਰੀਆਂ ਪੰਗਤੀਆਂ ਦੇ ਅਰਥ ਰਟ ਕੇ ਆਪਣੇ ਆਪ ਨੂੰ ਠੀਕ ਦੱਸਣਾ ਸ਼ੁਰੂ ਕਰ ਦੇਣਾ ।

ਫਿਰ ਕਾਫੀ ਸਮੇਂ ਬਾਅਦ ਧਰਮ ਸਿੰਘ ਨਿਹੰਗ ਸਿੰਘ ਜੀ ਨਾਲ ਫਿਰ ਮੇਲ ਹੋਇਆ, ਮੇਰੇ ਗਿਆਨ ਦੀ ਬਦਹਜ਼ਮੀ ਦੇਖ ਕੇ ਉਹਨਾਂ ਨੇ ਮੈਨੂੰ ਟੋਕਿਆ ਅਤੇ ਸਮਝਾਇਆ ਕਿ ਧਰਮ ਕਿਸੇ ਨੂੰ ਸਮਝਾਉਣ ਜਾਂ ਬੈਹਸ ਕਰਨ ਲਈ ਨਹੀਂ ਹੁੰਦਾ, ਸਗੋਂ ਆਪਣੇ ਔਗੁਣ ਦੂਰ ਕਰਨ ਲਈ ਹੁੰਦਾ ਹੈ । ਜੋ ਤੁਸੀਂ ਪੜ੍ਹਾਈ ਪੜ੍ਹਨ ਰਹੇ ਹੋ, ਉਹ ਪੜ੍ਹਾਈ ਗੁਰਮਤਿ ਦੀ ਨਹੀਂ ਹੈ । ਇੱਥੋਂ ਪਤਾ ਲੱਗਦਾ ਹੈ ਕਿ ਤੁਸੀਂ ਕੁਝ ਨਹੀਂ ਸੁਣਿਆ, ਬੱਸ ਹਲਦੀ ਦੀ ਗੱਠੀ ਲੈ ਕੇ ਪੰਸਾਰੀ ਬਣ ਗਏ । ਉਹਨਾਂ ਨੇ ਕਿਹਾ ਕਿ ਗੁਰਬਾਣੀ ਦੀ ਵਿਚਾਰ ਨੂੰ ਧਿਆਨ ਨਾਲ ਦੁਬਾਰਾ ਸੁਣੋ, ਤੁਸੀਂ ਗਲਤ ਸਮਝ ਲਿਆ ।

ਜਿਹੜੀ ਧਰਮ ਸਿੰਘ ਨਿਹੰਗ ਸਿੰਘ ਜੀ ਵੱਲੋਂ ਕੀਤੀ ਵਿਚਾਰ ਪਹਿਲਾਂ ਹੋਰ ਲੱਗਦੀ ਸੀ, ਹੁਣ ਉਸੇ ਵਿੱਚੋਂ ਕੁਝ ਹੋਰ ਸਮਝ ਆਉਣ ਲੱਗਾ । ਸੁਣਿਆ ਪਹਿਲਾਂ ਵੀ ਸੀ ਇਹ ਸਭ ਕੁਝ ਕਥਾ ਵਿੱਚ, ਪਰ ਪਹਿਲਾਂ ਇਸ ਪਾਸੇ ਧਿਆਨ ਨਹੀਂ ਸੀ । ਆਪਣੇ ਅੰਦਰ ਪਏ ਕੂੜੇ ਕਰਕਟ ਦੇ ਬਾਰੇ ਪਤਾ ਲੱਗਾ ।

ਹੁਣ ਜਦੋਂ ਵੀ ਮੈਂ ਧਰਮ ਸਿੰਘ ਨਿਹੰਗ ਸਿੰਘ ਜੀ ਵੱਲੋਂ ਕੀਤੀ ਗੁਰਬਾਣੀ ਦੀ ਕਥਾ ਨੂੰ ਦੁਬਾਰਾ ਸੁਣਦਾ ਹਾਂ ਤਾਂ ਮੈਨੂੰ ਹਰੇਕ ਵਾਰ ਨਵਾਂ ਹੀ ਕੁਝ ਸਿੱਖਣ ਨੂੰ ਮਿਲਦਾ ਹੈ, ਜੋ ਕਿ ਆਪਣੇ ਆਪ ਵਿੱਚ ਅਸਚਰਜ ਵਾਲੀ ਗੱਲ ਹੈ । ਹੁਣ ਪਰਮੇਸ਼ਰ ਦੀ ਕ੍ਰਿਪਾ ਸਦਕਾ ਪਹਿਲਾਂ ਨਾਲੋਂ ਕਾਫ਼ੀ ਰਾਹਤ ਹੈ, ਪਰ ਅਜੇ ਅੰਦਰ ਬਹੁਤ ਖਿਲਾਰਾ ਹੈ, ਜਿਸਨੂੰ ਦੂਰ ਕਰਨਾ ਹੈ ।

ਮੈਂ ਪਰਮੇਸ਼ਰ ਦਾ ਅਤਿ ਧੰਨਵਾਦੀ ਹਾਂ, ਜਿਸਨੇ ਮੇਰਾ ਮਿਲਾਪ ਧਰਮ ਸਿੰਘ ਨਿਹੰਗ ਸਿੰਘ ਵਰਗੀ ਮਹਾਨ ਸ਼ਖਸੀਅਤ ਨਾਲ ਕਰਵਾਇਆ, ਜੋ ਸਾਨੂੰ ਸਮੇਂ-ਸਮੇਂ ਸਿਰ ਕੁਰਾਹੇ ਜਾਂਦਿਆਂ ਨੂੰ ਰੋਕਦੀ ਹੈ ਅਤੇ ਆਪਣੇ ਮੂਲ ਨਾਲ ਜੁੜਨ ਲਈ ਪ੍ਰੇਰਿਤ ਕਰਦੀ ਹੈ ।

ਅਮਰਜੀਤ ਸਿੰਘ, ਪਿੰਡ ਹਰਦਾਸਪੁਰਾ, ਪੰਜਾਬ, ਭਾਰਤ

search previous next tag category expand menu location phone mail time cart zoom edit close