ਪ੍ਰਥਮਿ ਭਗਉਤੀ ਸਿਮਰ ਕੈ ਬਨਾਮ ਪ੍ਰਥਮਿ ਅਕਾਲ ਪੁਰਖੁ ਸਿਮਰ ਕੈ

ਧਰਮ ਦਾ ਵਿਸ਼ਾ ਗੁਰਮੁਖਾਂ ਦਾ ਵਿਸ਼ਾ ਹੈ, ਵਿਦਵਾਨਾਂ (ਪੰਡਿਤਾਂ) ਦਾ ਨਹੀਂ ਹੈ। ਵਿਦਵਾਨ ਹਮੇਸ਼ਾਂ ਆਪਣੀ ਬੁਧਿ ਨਾਲ ਸਿਰਫ ਇੱਕ ਪਾਸੇ ਹੀ ਸੋਚਦਾ ਹੈ, ਜਦਕਿ ਗੁਰਮੁਖਿ ਕੋਲ ਪਰਮੇਸ਼ਰ ਦੁਆਰਾ ਦਿੱਤੀ ਬਿਬੇਕ ਬੁਧਿ (ਗਿਆਨ ਖੜਗ) ਹੁੰਦੀ ਹੈ, ਜਿਸ ਨਾਲ ਉਹ ਧਰਮ ਦੇ ਸਾਰੇ ਮਸਲੇ ਸੁਲਝਾਉਂਦੇ ਹਨ।

ਸਿੱਖਾਂ ਦੀ ਜੇ ਖੁਆਰੀ ਹੈ ਤਾਂ ਇਸ ਲਈ ਹੀ ਹੈ, ਕਿਉਂਕਿ ਜਿਨ੍ਹਾਂ ਪੰਡਿਤਾਂ ਦਾ ਪੱਲਾ ਇਨ੍ਹਾਂ ਤੋਂ ਛੁਡਾਇਆ ਗਿਆ ਸੀ, ਉਹ ‘ਪੰਡਿਤ’ ਸਿੱਖ ਵਿਦਵਾਨਾਂ (ਸਨਾਤਨੀ ਸਿੱਖਾਂ) ਦਾ ਰੂਪ ਧਾਰਨ ਕਰਕੇ ਸਿੱਖਾਂ ਵਿੱਚ ਆ ਵੜੇ। ਉਨ੍ਹਾਂ ਨੇ ਹੀ ਗੁਰਮਤਿ ਨੂੰ ਸਨਾਤਨੀ ਮਤਿ (ਬ੍ਰਾਹਮਣੀ ਮਤਿ) ਦੇ ਅਨੁਕੂਲ ਅਰਥਾ ਦਿੱਤਾ। ਬੰਦਾ ਬਹਾਦਰ ਵੇਲੇ ਤੋਂ ਹੀ ਖਾਲਸਾ ਦੋ ਧੜਿਆਂ ਵਿੱਚ ਵੰਡਿਆ ਗਿਆ ਸੀ, ਤੱਤ ਖਾਲਸਾ ਤੇ ਬੰਦੇਈ। ਖਾਲਸੇ ਦਾ ਰਾਜ ਕਾਇਮ ਕਰਨ ਦਾ ਖਿਆਲ ਬੰਦਾ ਬਹਾਦਰ ਦੇ ਦਿਮਾਗ ਦੀ ਕਾਢ ਸੀ। ਇਸ ਲਈ ਮਾਤਾ ਸੁੰਦਰੀ ਜੀ ਨੇ ਬੰਦੇ ਬਹਾਦਰ ਨੂੰ ਰਾਜ ਕਾਇਮ ਕਰਨ ਦੇ ਖਿਆਲ ਨੂੰ ਤਿਆਗਣ ਲਈ ਆਖਿਆ ਸੀ। ਉਸਦੇ ਨਾ ਮੰਨਣ ‘ਤੇ ਹੀ ਉਸਦੇ ਖਿਲਾਫ਼ ਮਾਤਾ ਜੀ ਵੱਲੋਂ ਹੁਕਮਨਾਮਾ ਜਾਰੀ ਹੋਇਆ ਸੀ। ਇਹ ਧੜੇ ਬਾਅਦ ਵਿੱਚ ਮਿਸਲਾਂ ਅਤੇ ਅਕਾਲੀ ਫੂਲਾ ਸਿੰਘ ਦੇ ਰੂਪ ਵਿੱਚ ਸਾਹਮਣੇ ਆਏ। ਅਸਲ ‘ਖਾਲਸਾ ਫ਼ੌਜ’ ਅਕਾਲੀ ਫੂਲਾ ਸਿੰਘ ਜੀ ਦੀ ਕਮਾਨ ਹੇਠ ਰਹੀ ਅਤੇ ਮਿਸਲਾਂ ਕਾਇਮ ਕਰਨ ਵਾਲਿਆਂ ਦਾ ਖਾਲਸਾਈ ਬਾਣਾ ਉਤਾਰ ਕੇ ਰਾਜ ਕਰਨ ਦੀ ਖੁਲ੍ਹ ਦਿੱਤੀ ਗਈ ਸੀ।

ਗੁਰਬਾਣੀ ਵਿੱਚ ਦਰਜ ਹੈ:

ਰਾਜੁ ਨ ਚਾਹਉ ਮੁਕਤਿ ਨ ਚਾਹਉ ਮਨਿ ਪ੍ਰੀਤਿ ਚਰਨ ਕਮਲਾਰੇ ॥ ਦੇਵਗੰਧਾਰੀ, ਮ: ੫, ੫੩੪, ਆਦਿ ਗ੍ਰੰਥ

ਜਿਸ ਕੈ ਅੰਤਰਿ ਰਾਜ ਅਭਿਮਾਨੁ॥ ਸੋ ਨਰਕਪਾਤੀ ਹੋਵਤ ਸੁਆਨੁ ॥ ਰਾਗੁ ਗਉੜੀ, ਮ: ੫, ੨੭੮, ਆਦਿ ਗ੍ਰੰਥ

‘ਰਾਜ ਕਰੇਗਾ ਖਾਲਸਾ’ ਗੁਰਬਾਣੀ ਦੇ ੧੦੦ ਫ਼ੀਸਦੀ ਵਿਰੋਧ ਵਿੱਚ ਹੈ। ਇਸ ਲਈ ‘ਖਾਲਸਾਈ ਫ਼ੌਜ’ ਅਕਾਲੀ ਫੂਲਾ ਸਿੰਘ ਜੀ ਦੀ ਕਮਾਨ ਹੇਠ ਆਜ਼ਾਦ ਰਹੀ, ਅਤੇ ਰਣਜੀਤ ਸਿੰਘ ਦੀ ਫ਼ੌਜ ‘ਸਿੱਖ ਫ਼ੌਜ’ ਵਜੋਂ ਖਾਲਸਾਈ ਬਾਣੇ ਤੋਂ ਮਹਿਰੂਮ ਰਹੀ। ਕਿਸੀ ‘ਸਿੱਖ ਫ਼ੌਜ (ਤਨਖਾਦਾਰ) ਦੇ ਸਰਦਾਰ’ ਦਾ ਬਾਣਾ, ਅਕਾਲੀ ਫੂਲਾ ਸਿੰਘ ਦੀ ‘ਨਿਹੰਗ (ਖਾਲਸਾ) ਫ਼ੌਜ’ ਵਾਂਗ ਨਹੀਂ ਸੀ, ਕਿਉਂਕਿ ਗੁਰੂ ਕੀ ਫ਼ੌਜ ਨੇ ਤਨ, ਮਨ ਅਤੇ ਧਨ ਗੁਰੂ ਨੂੰ ਪਹਿਲਾਂ ਅਰਪਿਆ ਹੁੰਦਾ ਹੈ।

੧੯੨੫ ਦੀ ਰਹਿਤ ਮਰਿਆਦਾ ਵਿੱਚ ਅਖੌਤੀ ਅਕਾਲੀਆਂ ਦਾ ਬਾਣਾ ਵੀ ਖਾਲਸਾਈ ਬਾਣਾ ਨਹੀਂ ਹੈ। ਅਕਾਲੀਆਂ ਦੀ ਰਹਿਤ ਮਰਿਆਦਾ ਨਾਲ ਨਿਹੰਗ ਸਿੰਘਾਂ ਵੱਲੋਂ ਬਿਲਕੁੱਲ ਸਹਿਮਤੀ ਨਹੀਂ ਸੀ, ਅਤੇ ਨਾ ਹੀ ਗੁਰਦਵਾਰਾ ਐਕਟ ਨੂੰ ਅਸਲੀ ਖਾਲਸੇ (ਨਿਹੰਗ ਸਿੰਘਾਂ) ਨੇ ਕਦੀ ਪਰਵਾਨ ਕੀਤਾ ਹੈ। ਕਿਉਂਕਿ ਅਕਾਲੀਆਂ ਵਿੱਚ ਖਾਲਸਾ ਵਿਰੋਧੀ ਧੀਰਮੱਲੀਏ, ਰਾਮਰਾਈਏ, ਮੀਣੇ-ਮਸੰਦਾਂ ਦੀ ਭਰਮਾਰ ਸੀ, ਇਸ ਲਈ ਉਨ੍ਹਾਂ ਨੇ ਅਰਦਾਸ ਵਿੱਚ ਕੇਵਲ ਦਸਾਂ ਗੁਰੂਆਂ ਦਾ ਨਾਮ ਪਰਵਾਨਤ ਕਰਕੇ ਬਾਕੀ ਦੇ ਭਗਤਾਂ, ਭੱਟਾਂ ਅਤੇ ਸਿੱਖਾਂ ਤੋਂ ਅਲੱਗ ਕਰ ਦਿੱਤਾ। ਇਹ ਸਨਾਤਨੀ ਸਿੱਖਾਂ ਦੀ ਚਾਲ ਸੀ, ਕਿਉਂਕਿ ਉਹ ਭਗਤਾਂ ਨੂੰ ਨੀਚ ਜਾਤੀ ਦੇ ਮੰਨਦੇ ਸਨ, ਜਦਕਿ ਗੁਰਮਤਿ ਜਾਤ-ਪਾਤ ਜਾਂ ਊਚ-ਨੀਚ ਦੇ ਖਿਆਲ ਦੀ ਵਿਰੋਧੀ ਹੈ। ਇਹੀ ਕਾਰਣ ਸੀ ਕਿ ਨਿਹੰਗ ਸਿੰਘਾਂ ਤੇ ਅਕਾਲੀਆਂ ਵਿੱਚ ਹਮੇਸ਼ਾਂ ਮੱਤਭੇਦ ਰਹੇ।

ਅੱਜ ਭਗਤ ਰਵਿਦਾਸ ਜੀ ਦੇ ਪੈਰੋਕਾਰਾਂ ਅਤੇ ਅਕਾਲੀਆਂ ਵਿੱਚ ਫੁੱਟ ਉਜਾਗਰ ਹੈ। ਅੰਦਰਖਾਤੇ ਕਬੀਰ ਜੀ ਅਤੇ ਹੋਰ ਭਗਤਾਂ ਦੇ ਪੈਰੋਕਾਰਾਂ ਦਾ ਅਕਾਲੀਆਂ ਨਾਲੋਂ ਅਲੱਗ ਹੋ ਕੇ ਆਪਣਾ ਵੱਖਰਾ ਗਰੰਥ ਬਣਾ ਲੈਣ ਦਾ ਖਿਆਲ ਪੈਦਾ ਹੋ ਜਾਣ ਦੀ ਪ੍ਰਬਲ ਸ਼ੰਕਾ ਹੈ। ਇਸ ਲਈ ਸਚ ਖੋਜ ਅਕੈਡਮੀ ਦਾ ਸਟੈਂਡ ਖਾਲਸਾਈ ਸਟੈਂਡ ਹੋਣ ਕਰਕੇ ਅਕਾਲੀਆਂ ਨਾਲੋਂ ਵੱਖਰਾ ਹੈ।

ਸਿੱਖਾਂ ਨੂੰ ਬਾਕੀ ਭਗਤਾਂ ਜਾਂ ਗੁਰਬਾਣੀ ਦੇ ਰਚੇਤਿਆਂ ਤੋਂ ਵੱਖਰਾ ਅਤੇ ਕਮਜ਼ੋਰ ਕਰਕੇ, ਸੀਮਿਤ ਦਾਇਰੇ ਵਿੱਚ ਬੰਦ ਕਰ ਦਿੱਤਾ ਜਾਵੇ, ਇਸ ਚਾਲ ਨੂੰ ਅੱਜ ਸੂਝਵਾਨ ਸਿੱਖਾਂ ਨੇ ਮਹਿਸੂਸ ਕਰ ਲਿਆ ਹੈ।

ਜਿਸ ਨਜ਼ਰੀਏ ਨਾਲ ਅੱਜ ਅਭੋਲ ਸਿੱਖ “ਪ੍ਰਥਮਿ ਭਗਉਤੀ ਸਿਮਰ ਕੈ” ਨੂੰ ਪੜ੍ਹ ਰਹੇ ਹਨ, ਉਹ ਵਿਅਕਤੀ ਪੂਜਾ ਨਾਲ ਜੋੜਨ ਵਾਲਾ ਸਨਾਤਨੀ ਸਿੱਖਾਂ ਦਾ ਨਜ਼ਰੀਆ ਹੈ, ਜਿਸਤੋਂ ਖਾਲਸਾ ਫ਼ੌਜ ਸੀਨੇ-ਬਸੀਨੇ ਜਾਣੂ ਰਹੀ ਹੈ। ਜਿਸਦੇ ਸਿੱਟੇ ਵਜੋਂ ਸਿੱਖ ਸੰਗਤ ਦਾ ਰੁੱਖ ਸਮਝ ਕੇ, ਸਚ ਖੋਜ ਅਕੈਡਮੀ ਨੇ ਖਾਲਸਾਈ ਸਟੈਂਡ ਇੰਟਰਨੈੱਟ ਉੱਤੇ ਜਾਹਰ ਕਰ ਦਿੱਤਾ ਹੈ ਅਤੇ ਨਾਲ ਹੀ ਪੂਰੀ ਚੰਡੀ ਦੀ ਵਾਰ, “ਪ੍ਰਥਮਿ ਭਗਉਤੀ ਸਿਮਰ ਕੈ” ਤੋਂ ਲੈ “ਦੁਰਗਾ ਪਾਠ ਬਣਾਇਆ ਸਭੇ ਪਉੜੀਆ॥ (ਚੰਡੀ ਦੀ ਵਾਰ, ੫੫ – ਦਸਮ ਗ੍ਰੰਥ) ਤੱਕ ਅਰਥਾ ਦਿੱਤੀ ਹੈ।

ਧਰਮ ਸਿੰਘ ਨਿਹੰਗ ਸਿੰਘ

ਪ੍ਰਥਮਿ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ॥

ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ॥

ਅਰਜੁਨ ਹਰਿਗੋਬਿੰਦ ਨੋ ਸਿਮਰੋ ਸ੍ਰੀ ਹਰਿਰਾਇ॥

ਸ੍ਰੀ ਹਰਿਕ੍ਰਿਸਨਿ ਧਿਆਈਐ ਜਿਸੁ ਡਿਠੇ ਸਭੁ ਦੁਖੁ ਜਾਇ॥

ਤੇਗ ਬਹਾਦੁਰ ਸਿਮਰੀਐ ਘਰਿ ਨੌ ਨਿਧ ਆਵੈ ਧਾਇ॥

ਸਭ ਥਾਈ ਹੋਇ ਸਹਾਇ॥੧॥

ਚੰਡੀ ਦੀ ਵਾਰ, ੧, ਦਸਮ ਗ੍ਰੰਥ


See also: https://www.youtube.com/watch?v=lPofHKnXPYE

Categories ਖਬਰਾਂ, Gurmat VicharTags , , , , ,

Leave a comment

This site uses Akismet to reduce spam. Learn how your comment data is processed.

search previous next tag category expand menu location phone mail time cart zoom edit close